Genesis 47:13-26 in Punjabi

Genesis 47:13
ਯੂਸੁਫ਼ ਫ਼ਿਰਊਨ ਲਈ ਜ਼ਮੀਨ ਖਰੀਦਦਾ ਹੈ ਅਕਾਲ ਦਾ ਸਮਾਂ ਹੋਰ ਵੀ ਮਾੜਾ ਹੋ ਗਿਆ। ਦੇਸ਼ ਵਿੱਚ ਕਿਧਰੇ ਵੀ ਅਨਾਜ ਨਹੀਂ ਸੀ। ਮਿਸਰ ਅਤੇ ਕਨਾਨ ਇਸ ਮੰਦੇ ਸਮੇਂ ਕਾਰਣ ਬਹੁਤ ਗਰੀਬ ਹੋ ਗਏ।

Genesis 47:14
ਦੇਸ਼ ਦੇ ਲੋਕਾਂ ਨੇ ਹੋਰ ਅਨਾਜ ਖਰੀਦਿਆ। ਯੂਸੁਫ਼ ਨੇ ਪੈਸਾ ਬਚਾਇਆ ਅਤੇ ਇਸ ਨੂੰ ਫ਼ਿਰਊਨ ਦੇ ਘਰ ਲੈ ਆਇਆ।

Genesis 47:15
ਕੁਝ ਸਮੇਂ ਬਾਦ, ਮਿਸਰ ਅਤੇ ਕਨਾਨ ਦੇ ਲੋਕਾਂ ਕੋਲ ਕੋਈ ਪੈਸਾ ਨਹੀਂ ਬਚਿਆ। ਉਨ੍ਹਾਂ ਨੇ ਸਾਰਾ ਪੈਸਾ ਅਨਾਜ ਖਰੀਦਣ ਉੱਤੇ ਖਰਚ ਕਰ ਦਿੱਤਾ ਸੀ। ਇਸ ਲਈ ਮਿਸਰ ਦੇ ਲੋਕ ਯੂਸੁਫ਼ ਕੋਲ ਗਏ ਅਤੇ ਆਖਣ ਲੱਗੇ, “ਕਿਰਪਾ ਕਰਕੇ ਸਾਨੂੰ ਅਨਾਜ ਦਿਉ। ਸਾਡਾ ਪੈਸਾ ਮੁੱਕ ਗਿਆ ਹੈ। ਜੇ ਅਸੀਂ ਖਾਵਾਂਗੇ ਨਹੀਂ ਤਾਂ ਤੁਹਾਡੇ ਦੇਖਦਿਆਂ-ਦੇਖਦਿਆਂ ਅਸੀਂ ਮਰ ਜਾਵਾਂਗੇ।”

Genesis 47:16
ਪਰ ਯੂਸੁਫ਼ ਨੇ ਆਖਿਆ, “ਮੈਨੂੰ ਆਪਣੇ ਪਸ਼ੂ ਦੇ ਦਿਉ ਅਤੇ ਮੈਂ ਤੁਹਾਨੂੰ ਅਨਾਜ ਦੇ ਦੇਵਾਂਗਾ।”

Genesis 47:17
ਇਸ ਲਈ ਲੋਕਾਂ ਨੇ ਆਪਣੇ ਪਸ਼ੂਆਂ ਅਤੇ ਘੋੜਿਆਂ ਅਤੇ ਹੋਰ ਸਾਰੇ ਜਾਨਵਰਾਂ ਬਦਲੇ ਅਨਾਜ ਖਰੀਦ ਲਿਆ। ਅਤੇ ਉਸ ਸਾਲ, ਯੂਸੁਫ਼ ਨੇ ਉਨ੍ਹਾਂ ਦੇ ਪਸ਼ੂ ਲੈ ਲਈ ਅਤੇ ਉਨ੍ਹਾਂ ਨੂੰ ਅਨਾਜ ਦੇ ਦਿੱਤਾ।

Genesis 47:18
ਪਰ ਅਗਲੇ ਵਰ੍ਹੇ, ਲੋਕਾਂ ਕੋਲ ਅਨਾਜ ਖਰੀਦਣ ਲਈ ਨਾ ਤਾਂ ਕੋਈ ਪਸ਼ੂ ਬੱਚਿਆਂ ਅਤੇ ਨਾ ਹੀ ਕੁਝ ਹੋਰ। ਇਸ ਲਈ ਲੋਕ ਯੂਸੁਫ਼ ਕੋਲ ਗਏ ਅਤੇ ਆਖਿਆ, “ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਬਚਿਆ। ਅਤੇ ਸਾਡੇ ਸਾਰੇ ਪਸ਼ੂ ਵੀ ਹੁਣ ਤੁਹਾਡੇ ਹਨ। ਇਸ ਲਈ ਸਾਡੇ ਕੋਲ ਹੁਣ ਕੁਝ ਨਹੀਂ ਬੱਚਿਆਂ-ਸਿਰਫ਼ ਉਹੀ ਹੈ ਜੋ ਤੁਸੀਂ ਦੇਖਦੇ ਹੋ-ਸਾਡੇ ਸ਼ਰੀਰ ਅਤੇ ਸਾਡੀ ਜ਼ਮੀਨ।

Genesis 47:19
ਅਵਸ਼ ਹੀ ਅਸੀਂ ਤੁਹਾਡੇ ਦੇਖਦਿਆਂ-ਦੇਖਦਿਆਂ ਮਰ ਜਾਵਾਂਗੇ। ਪਰ ਜੇ ਤੁਸੀਂ ਸਾਨੂੰ ਅਨਾਜ ਦੇ ਦੇਵੋਂਗੇ, ਤਾਂ ਅਸੀਂ ਫ਼ਿਰਊਨ ਨੂੰ ਜ਼ਮੀਨ ਦੇ ਦਿਆਂਗੇ ਅਤੇ ਅਸੀਂ ਉਸ ਦੇ ਗੁਲਾਮ ਬਣ ਜਾਵਾਂਗੇ। ਸਾਨੂੰ ਬੀਜ ਦੇਵੋ ਤਾਂ ਜੋ ਅਸੀਂ ਪੌਦੇ ਲਾ ਸੱਕੀਏ। ਫ਼ੇਰ ਅਸੀਂ ਜਿਉਂਦੇ ਰਹਾਂਗੇ, ਮਰਾਂਗੇ ਨਹੀਂ। ਅਤੇ ਅਸੀਂ ਆਪਣੇ ਲਈ ਫ਼ੇਰ ਅਨਾਜ ਉਗਾਵਾਂਗੇ।”

Genesis 47:20
ਇਸ ਲਈ ਯੂਸੁਫ਼ ਨੇ ਫ਼ਿਰਊਨ ਲਈ ਮਿਸਰ ਦੀ ਸਾਰੀ ਜ਼ਮੀਨ ਖਰੀਦ ਲਈ। ਮਿਸਰ ਦੇ ਸਾਰੇ ਲੋਕਾਂ ਨੇ ਯੂਸੁਫ਼ ਨੂੰ ਆਪਣੇ ਸਾਰੇ ਖੇਤ ਵੇਚ ਦਿੱਤੇ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂ ਜੋ ਉਹ ਬਹੁਤ ਭੁੱਖੇ ਸਨ।

Genesis 47:21
ਅਤੇ ਸਾਰੇ ਲੋਕ ਫ਼ਿਰਊਨ ਦੇ ਗੁਲਾਮ ਹੋ ਗਏ। ਮਿਸਰ ਵਿੱਚ ਹਰ ਥਾਂ ਲੋਕ ਫ਼ਿਰਊਨ ਦੇ ਗੁਲਾਮ ਸਨ।

Genesis 47:22
ਸਿਰਫ਼ ਉਹੀ ਜ਼ਮੀਨ ਜਿਹੜੀ ਯੂਸੁਫ਼ ਨੇ ਨਹੀਂ ਖਰੀਦੀ ਸੀ ਉਹ ਜਾਜਕਾਂ ਦੀ ਜ਼ਮੀਨ ਸੀ। ਜਾਜਕਾਂ ਨੂੰ ਆਪਣੀ ਜ਼ਮੀਨ ਵੇਚਣ ਦੀ ਲੋੜ ਨਹੀਂ ਸੀ ਕਿਉਂਕਿ ਫ਼ਿਰਊਨ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦੀ ਉਜਰਤ ਦਿੰਦਾ ਸੀ। ਇਸ ਲਈ ਉਹ ਇਸ ਪੈਸੇ ਨਾਲ ਖਾਣ ਲਈ ਅਨਾਜ ਖਰੀਦਦੇ ਸਨ।

Genesis 47:23
ਯੂਸੁਫ਼ ਨੇ ਲੋਕਾਂ ਨੂੰ ਆਖਿਆ, “ਹੁਣ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਨੂੰ ਫ਼ਿਰਊਨ ਲਈ ਖਰੀਦ ਲਿਆ ਹੈ। ਇਸ ਲਈ ਮੈਂ ਤੁਹਾਨੂੰ ਬੀਜ਼ ਦਿਆਂਗਾ, ਅਤੇ ਤੁਸੀਂ ਆਪਣੇ ਖੇਤਾਂ ਵਿੱਚ ਬਿਜਾਈ ਕਰ ਸੱਕਦੇ ਹੋ।

Genesis 47:24
ਵਾਢੀਆਂ ਵੇਲੇ, ਤੁਹਾਨੂੰ ਆਪਣੀਆਂ ਫ਼ਸਲਾਂ ਦਾ ਪੰਜਵਾਂ ਹਿੱਸਾ ਫ਼ਿਰਊਨ ਨੂੰ ਦੇਣਾ ਪਵੇਗਾ। ਪੰਜਾਂ ਵਿੱਚੋਂ ਚਾਰ ਹਿੱਸੇ ਤੁਸੀਂ ਆਪਣੇ ਲਈ ਰੱਖ ਸੱਕਦੇ ਹੋ। ਤੁਸੀਂ ਬੀਜਾਂ ਨੂੰ ਅਨਾਜ ਲਈ ਅਤੇ ਅਗਲੇ ਵਰ੍ਹੇ ਦੀ ਬਿਜਾਈ ਲਈ ਰੱਖ ਸੱਕਦੇ ਹੋ। ਹੁਣ ਤੁਸੀਂ ਆਪਣੇ ਪਰਿਵਾਰਾਂ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸੱਕਦੇ ਹੋ।”

Genesis 47:25
ਲੋਕਾਂ ਨੇ ਆਖ਼ਿਆ, “ਤੁਸੀਂ ਸਾਡੀਆਂ ਜਾਨਾ ਬਚਾਈਆਂ ਹਨ। ਜੇਕਰ ਇਹ ਤੁਹਾਨੂੰ ਮੰਜ਼ੂਰ ਹੋਵੇ, ਅਸੀਂ ਫ਼ਿਰਊਨ ਦੇ ਗੁਲਾਮ ਰਹਾਂਗੇ।”

Genesis 47:26
ਇਸ ਲਈ ਯੂਸੁਫ਼ ਨੇ ਦੇਸ਼ ਵਿੱਚ ਇੱਕ ਕਾਨੂੰਨ ਬਣਾ ਦਿੱਤਾ। ਅਤੇ ਉਹ ਕਾਨੂੰਨ ਅੱਜ ਵੀ ਜਾਰੀ ਹੈ। ਕਾਨੂੰਨ ਆਖਦਾ ਹੈ ਕਿ ਧਰਤੀ ਦੀ ਉਪਜ ਦਾ ਪੰਜਵਾਂ ਹਿੱਸਾ ਫ਼ਿਰਊਨ ਦਾ ਹੈ। ਸਾਰੀ ਜ਼ਮੀਨ ਫ਼ਿਰਊਨ ਦੀ ਹੈ। ਉਹੀ ਜ਼ਮੀਨ ਜਿਹੜੀ ਉਸਦੀ ਨਹੀਂ ਹੈ ਉਹ ਜਾਜਕਾਂ ਦੀ ਜ਼ਮੀਨ ਹੈ।

Punjabi Bible